ਗਦੌਰੀ ਸਾਹਿਬ
ਗੁਰਦੁਆਰਾ ਗਦੌਰੀ ਸਾਹਿਬ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਪਵਿੱਤਰ ਤਪ-ਸਥਾਨ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿੱਚ ਭੁੰਤਰ ਤੋਂ 3 ਕਿ.ਮੀ. ਦੀ ਦੂਰੀ ਤੇ P.W.D. ਵਰਕਸ਼ਾਪ ਤੋਂ 200 ਮੀਟਰ ਦੂਰ ਪਿੰਡ ਗਦੌਰੀ ਵਿੱਚ ਸਥਿਤ ਹੈ। ਸੁੰਦਰ ਪਹਾੜਾਂ ਦੀ ਗੋਦ ਵਿੱਚ ਕੁਦਰਤੀ ਨਜ਼ਾਰਿਆਂ ਦੇ ਵਿਚਕਾਰ ਸਥਿਤ ਇਸ ਗੁਰਦੁਆਰੇ ਦੀ ਛਟਾ ਵੇਖਦੇ ਹੀ ਬਣਦੀ ਹੈ।
ਸੰਮਤ 1700 ਵਿਕਰਮੀ ਵਿੱਚ ਮਹਾਰਾਜ ਸ਼੍ਰੀ ਚੰਦ ਜੀ ਨੇ ਇਸ ਧਰਤੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਨਾਲ ਛੋਹਿਆ ਸੀ। ਆਪ ਜੀ ਨੇ 22 ਦਿਨ ਤੱਕ ਲਗਾਤਾਰ ਸਮਾਧੀ ਵਿੱਚ ਰਹਿ ਕੇ ਇਸ ਧਰਤੀ ਨੂੰ ਪਾਵਨ ਕਰ ਦਿੱਤਾ। ਇੱਥੇ ਸੁਨਹਿਰੀ ਸ਼ਿਲਾ ਦੇ ਉੱਪਰ ਬਾਬਾ ਜੀ ਨੇ ਤਪੱਸਿਆ ਕੀਤੀ ਅਤੇ ਇਸੇ ਸ਼ਿਲਾ ਵਿੱਚ ਚਿਮਟਾ ਗੱਡ ਕੇ ਨਿਰਮਲ ਜਲ ਪ੍ਰਕਟ ਕੀਤਾ। ਅੱਜ ਇਹ ਜਗ੍ਹਾ ਬਾਵਲੀ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਧੂਣਾ ਸਾਹਿਬ ਹੈ ਜਿਸ ਵਿੱਚ ਸੰਮਤ 1700 ਤੋਂ ਵਿਭੂਤੀ ਅੱਜ ਵੀ ਸੁਰੱਖਿਅਤ ਅਤੇ ਸੁਸ਼ੋਭਿਤ ਹੈ। ਮਹਾਰਾਜ ਜੀ ਦਾ ਸਾਮਾਨ ਅੱਜ ਇੱਥੇ ਪੂਰਨ ਰੂਪ ਨਾਲ ਸੁਰੱਖਿਅਤ ਹੈ।
ਅੱਜ ਵੀ ਮਹਾਰਾਜ ਸ਼੍ਰੀ ਚੰਦ ਜੀ ਦਾ ਇੱਥੇ ਇਸ ਧਰਤੀ ਉੱਤੇ ਆਗਮਨ ਹੁੰਦਾ ਹੈ ਅਤੇ ਉਨ੍ਹਾਂ ਨਾਲ ਜੁੜੀ ਹੋਈ ਸੰਗਤ ਉਨ੍ਹਾਂ ਦੇ ਭਵ੍ਯ ਰੂਪ ਦੇ ਦਰਸ਼ਨ ਕਰਦੀ ਹੈ। ਇੱਥੇ ਕਦਮ-ਕਦਮ ਤੇ ਇੰਨੇ ਚਮਤਕਾਰ ਹੁੰਦੇ ਹਨ ਕਿ ਹਮੇਸ਼ਾ ਮਹਾਰਾਜ ਜੀ ਦੇ ਆਸਪਾਸ ਹੋਣ ਦਾ ਅਹਿਸਾਸ ਬਣਿਆ ਰਹਿੰਦਾ ਹੈ। ਜੋ ਵੀ ਸੰਗਤ ਇੱਥੇ ਸ਼ਰਧਾਪੂਰਵਕ ਆਉਂਦੀ ਹੈ, ਇੱਥੇ ਦੇ ਚਮਤਕਾਰ ਵੇਖ ਕੇ ਅਪਾਰ ਸ਼ਰਧਾ ਲੈ ਕੇ ਵਾਪਸ ਜਾਂਦੀ ਹੈ।
ਮਹਾਰਾਜ ਜੀ ਦਾ ਇਹ ਸਥਾਨ ਜਿੱਥੇ ਉਨ੍ਹਾਂ ਨੇ ਸਮਾਧੀ ਲਗਾਈ ਸੀ ਧਰਤੀ ਤੋਂ 8 ਫੁੱਟ ਹੇਠਾਂ ਸੀ। ਖੁਦ ਮਹਾਰਾਜ ਜੀ ਨੇ ਸਵਾਮੀ ਦਯਾਨੰਦ ਜੀ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਅਤੇ ਆਦੇਸ਼ ਦੇ ਕੇ ਪ੍ਰੇਰਣਾ ਦਿੱਤੀ ਅਤੇ ਖੁਦਾਈ ਕਰਵਾਈ ਜਿਸ ਨਾਲ ਹੌਲੀ-ਹੌਲੀ ਉਹ ਸਾਮਾਨ ਪ੍ਰਕਟ ਹੋਇਆ ਅਤੇ ਦੁਨੀਆਂ ਦੇ ਸਾਹਮਣੇ ਆਇਆ। ਅੱਜ ਇਹ ਸਾਰਾ ਸਾਮਾਨ ਭੌਰਾ ਸਾਹਿਬ ਵਿੱਚ ਪ੍ਰੇਮ ਪੂਰਵਕ ਸੁਸ਼ੋਭਿਤ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ।
1. ਭੌਰਾ ਸਾਹਿਬ
ਇਹ ਗੁਰਦੁਆਰਾ ਸਾਹਿਬ ਤੋਂ 13 ਪੌੜੀਆਂ ਹੇਠਾਂ ਉਤਰ ਕੇ ਹੈ। ਇਸ ਵਿੱਚ ਸਾਹਮਣੇ ਹੀ ਸ਼ਿਲਾ ਹੈ ਜੋ ਸੋਨੇ ਵਾਂਗ ਚਮਕਦੀ ਹੈ ਅਤੇ ਛੂਹਣ ਨਾਲ ਹੱਥ ਵੀ ਸੁਨਹਿਰੇ ਹੋ ਜਾਂਦੇ ਹਨ। ਸ਼ਿਲਾ ਦੇ ਇਸ ਰੂਪ ਦੇ ਦਰਸ਼ਨ ਉਨ੍ਹਾਂ ਨੂੰ ਹੀ ਹੁੰਦੇ ਹਨ ਜਿਨ੍ਹਾਂ ਉੱਤੇ ਮਹਾਰਾਜ ਦੀ ਵਿਸ਼ੇਸ਼ ਕ੍ਰਿਪਾ ਹੁੰਦੀ ਹੈ, ਨਹੀਂ ਤਾਂ ਸੰਗਤ ਨੂੰ ਇਹ ਇੱਕ ਸਾਧਾਰਨ ਸ਼ਿਲਾ ਹੀ ਨਜ਼ਰ ਆਉਂਦੀ ਹੈ। ਇਸੇ ਸ਼ਿਲਾ ਉੱਤੇ ਮਹਾਰਾਜ ਜੀ ਨੇ ਸਮਾਧੀ ਲਗਾਈ ਸੀ। ਸਭ ਤੋਂ ਅਨੋਖੀ ਗੱਲ ਇਸ ਸ਼ਿਲਾ ਦੇ ਕੋਨੇ ਵਿੱਚ ਮਹਾਰਾਜ ਸ਼੍ਰੀ ਚੰਦ ਜੀ ਦੇ ਪਵਿੱਤਰ ਚਰਨਾਂ ਦੀ ਛਾਪ ਅੱਜ ਵੀ ਮੌਜੂਦ ਹੈ।
2. ਧੂਣਾ ਸਾਹਿਬ
ਮਹਾਰਾਜ ਜੀ ਦਾ ਪਾਵਨ ਧੂਣਾ ਸਾਹਿਬ ਪਵਿੱਤਰ ਸ਼ਿਲਾ ਦੇ ਉੱਪਰ ਹੀ ਹੈ। ਇਸ ਵਿੱਚ ਉਸ ਸਮੇਂ ਦੀ ਵਿਭੂਤੀ ਸੁਰੱਖਿਅਤ ਹੈ ਜਦੋਂ ਬਾਬਾ ਜੀ 1700 ਵਿਕਰਮੀ ਵਿੱਚ ਆਏ ਸਨ ਅਤੇ ਧੂਣਾ ਲਗਾਇਆ ਸੀ। ਇਹ ਕੋਈ ਸਾਧਾਰਨ ਵਿਭੂਤੀ ਨਹੀਂ ਹੈ। ਇਸ ਨੂੰ ਖਾਣ ਨਾਲ ਅਤੇ ਮਲਣ ਨਾਲ ਸਾਰੇ ਸਰੀਰਕ ਅਤੇ ਮਾਨਸਿਕ ਰੋਗ ਖ਼ਤਮ ਹੋ ਜਾਂਦੇ ਹਨ। ਚੱਖਣ ਵਿੱਚ ਸਾਧਾਰਨ ਜਿਹੇ ਸਵਾਦ ਵਾਲੀ ਇਹ ਵਿਭੂਤੀ ਕਈ ਸ਼ਰਧਾਲੂਆਂ ਨੂੰ ਕੌੜੇਪਨ ਅਤੇ ਮਿੱਠੇਪਨ ਦਾ ਅਹਿਸਾਸ ਵੀ ਕਰਵਾਉਂਦੀ ਹੈ।
3. ਪਵਿੱਤਰ ਚਿਮਟਾ
ਪਵਿੱਤਰ ਸ਼ਿਲਾ ਦੇ ਵਿਚਕਾਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਚਿਮਟਾ ਗੱਡਿਆ ਹੋਇਆ ਹੈ। ਇਹ ਕਿਸੇ ਦੇ ਹਿਲਾਉਣ ਨਾਲ ਨਹੀਂ ਹਿੱਲਦਾ, ਨਾ ਹੀ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ।
4. ਬਾਵਲੀ ਸਾਹਿਬ
ਇਹ ਪਵਿੱਤਰ ਸ਼ਿਲਾ ਦੇ ਸੱਜੇ ਪਾਸੇ ਹੈ। ਮਹਾਰਾਜ ਜੀ ਨੇ ਸ਼ਿਲਾ ਉੱਤੇ ਚਿਮਟਾ ਗੱਡ ਕੇ ਹੇਠਾਂ ਤੋਂ ਜਲ ਪ੍ਰਕਟ ਕੀਤਾ ਸੀ ਅਤੇ ਬਾਵਲੀ ਸਾਹਿਬ ਵਿੱਚ ਜਲ ਪਵਿੱਤਰ ਸ਼ਿਲਾ ਤੋਂ ਹੀ ਆ ਰਿਹਾ ਹੈ। ਅਸਲ ਵਿੱਚ ਜਲ ਧਰਤੀ ਤੋਂ 200 ਫੁੱਟ ਹੇਠਾਂ ਸੀ ਪਰ ਬਾਬਾ ਜੀ ਦੀ ਕ੍ਰਿਪਾ ਨਾਲ 8 ਫੁੱਟ ਖੋਦਣ ਉੱਤੇ ਹੀ ਪ੍ਰਕਟ ਹੋ ਗਿਆ। ਇਹ ਜਲ ਕਦੇ ਵੀ ਨਹੀਂ ਸੁੱਕਦਾ। ਗੁਰਦੁਆਰੇ ਵਿੱਚ ਲੰਗਰ, ਕੜਾਹ-ਪ੍ਰਸਾਦ ਬਣਾਉਣ ਵਿੱਚ ਇਸੇ ਅੰਮ੍ਰਿਤ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਜਲ ਦਾ ਪਾਨ ਕਰਨ ਨਾਲ ਅਨੇਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
5. ਚਰਨ ਪਾਦੁਕਾ
ਇਹ ਲੱਕੜ ਦੀਆਂ ਖੜਾਵਾਂ ਦੇ ਰੂਪ ਵਿੱਚ ਹਨ ਅਤੇ ਸੁਨਹਿਰੇ ਭੂਰੇ ਰੰਗ ਦੀਆਂ ਹਨ ਅਤੇ ਬਿਲਕੁਲ ਹਲਕੀਆਂ ਹਨ। ਅਤਿ ਪ੍ਰਾਚੀਨ ਹੋਣ ਦੇ ਬਾਵਜੂਦ ਧਰਤੀ ਵਿੱਚ ਰਹਿਣ ਦੇ ਬਾਵਜੂਦ ਅੱਜ ਵੀ ਇਹ ਪੂਰਨ ਤੌਰ ਤੇ ਸੁਰੱਖਿਅਤ ਹਨ।
6. ਸਿਮਰਨਾ
ਇਹ ਰੁਦ੍ਰਾਕਸ਼ ਦਾ ਹੈ ਅਤੇ ਇਸ ਵਿੱਚ ਸੁਨਹਿਰੇ ਭੂਰੇ 27 ਮਣਕੇ ਹਨ। ਬਾਬਾ ਜੀ ਇਸੇ ਨਾਲ ਸਿਮਰਨ ਕਰਦੇ ਸਨ। ਵੇਖਦੇ ਹੀ ਵੇਖਦੇ ਇਸ ਦਾ ਰੰਗ ਬਿਲਕੁਲ ਸੁਨਹਿਰਾ ਹੋ ਜਾਂਦਾ ਹੈ ਅਤੇ ਚਮਕਣ ਲੱਗ ਜਾਂਦਾ ਹੈ।
7. ਜਟਾਵਾਂ ਦੇ ਸੁਨਹਿਰੇ ਬਾਲ
ਬਾਬਾ ਜੀ ਦੇ ਕੁਝ ਬਾਲ ਜੋ ਬਿਲਕੁਲ ਸੁਨਹਿਰੇ ਹਨ ਪੂਰਨ ਤੌਰ ਤੇ ਸੁਰੱਖਿਅਤ ਰੱਖੇ ਗਏ ਹਨ।
8. ਮਿੱਟੀ ਦਾ ਭਾਂਡਾ
ਇਸ ਪ੍ਰਾਚੀਨ ਭਾਂਡੇ ਵਿੱਚ ਬਾਬਾ ਜੀ ਲੰਗਰ ਤਿਆਰ ਕਰਦੇ ਸਨ। ਇਹ ਇੱਕ ਪਾਸੇ ਤੋਂ ਕਾਲਾ ਹੋ ਚੁੱਕਾ ਹੈ। ਅੱਜ ਵੀ ਇਸ ਨੂੰ ਚੌਲਾਂ ਨਾਲ ਭਰ ਦਿੱਤਾ ਜਾਂਦਾ ਹੈ ਅਤੇ ਇਹ ਆਪਣੇ ਆਪ ਖਾਲੀ ਹੋ ਜਾਂਦਾ ਹੈ ਜਾਂ ਅੱਧਾ ਰਹਿ ਜਾਂਦਾ ਹੈ। ਇਸ ਨੂੰ ਫਿਰ ਤੋਂ ਭਰ ਦਿੱਤਾ ਜਾਂਦਾ ਹੈ। ਅੱਜ ਇਸੇ ਦੀ ਬਰਕਤ ਨਾਲ ਗੁਰਦੁਆਰੇ ਦਾ ਲੰਗਰ ਚੱਲ ਰਿਹਾ ਹੈ।
9. ਵੱਡੀ ਬਾਵਲੀ ਸਾਹਿਬ
ਮਹਾਰਾਜ ਸ਼੍ਰੀ ਚੰਦ ਜੀ ਦੀ ਅਪਾਰ ਕ੍ਰਿਪਾ ਨਾਲ ਇੱਥੇ ਸੇਵਾ ਕਰ ਰਹੇ ਸਵਾਮੀ ਦਯਾਨੰਦ ਜੀ ਮਹਾਰਾਜ ਜੀ ਨੂੰ ਇੱਕ ਦਿਨ ਬਹੁਤ ਅਦਭੁਤ ਦ੍ਰਿਸ਼ਟਾਂਤ ਹੋਇਆ। ਉਨ੍ਹਾਂ ਅਨੁਸਾਰ ਬਾਬਾ ਸ਼੍ਰੀ ਚੰਦ ਜੀ ਦਾ ਹੁਕਮ ਸੀ ਕਿ ਇੱਕ ਵੱਡੀ ਬਾਵਲੀ ਸਾਹਿਬ ਦਾ ਨਿਰਮਾਣ ਹੋਣਾ ਚਾਹੀਦਾ ਹੈ, ਜਿਸ ਦੇ ਜਲ ਨਾਲ ਸੰਗਤ ਇਸ਼ਨਾਨ ਵੀ ਕਰ ਸਕੇ ਅਤੇ ਇਸ ਬਾਵਲੀ ਤੱਕ ਪਹੁੰਚਣ ਲਈ 84 ਪੌੜੀਆਂ ਹੋਣੀਆਂ ਚਾਹੀਦੀਆਂ ਹਨ।
ਮਹਾਰਾਜ ਜੀ ਦੇ ਆਦੇਸ਼ ਅਨੁਸਾਰ ਸੇਵਾ ਸ਼ੁਰੂ ਹੋ ਗਈ ਅਤੇ ਬਾਬਾ ਜੀ ਨੇ ਸਖ਼ਤ ਨਿਯਮਾਂ ਦਾ ਪਾਲਣ ਕਰਦੇ ਹੋਏ ਅਤੇ ਸੰਗਤ ਤੋਂ ਕਰਵਾਉਂਦੇ ਹੋਏ ਸਥਾਨ ਨੂੰ ਤਿਆਰ ਕੀਤਾ। ਇਸ ਜਗ੍ਹਾ ਦੀ ਸੇਵਾ ਸਾਰੀ ਸੰਗਤ ਨੇ ਹਮੇਸ਼ਾ ਬੜੀ ਸਫ਼ਾਈ ਅਤੇ ਸੁੱਚਮ ਨਾਲ ਕੀਤੀ। ਨ੍ਹਾ ਧੋ ਕੇ ਸਾਫ਼ ਕੱਪੜੇ ਪਾ ਕੇ, ਸਿਰ ਢੱਕ ਕੇ, ਨੰਗੇ ਪੈਰ ਇਸ ਸਥਾਨ ਦੀ ਸੇਵਾ ਕੀਤੀ ਗਈ, ਭਾਵੇਂ ਬਰਸਾਤ ਹੋਵੇ, ਸਰਦੀ ਹੋਵੇ ਜਾਂ ਕਿਸੇ ਵੀ ਕਿਸਮ ਦਾ ਮੌਸਮ ਹੋਵੇ ਸਾਰੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਇਸ ਸੇਵਾ ਵਿੱਚ ਹਿੱਸਾ ਲਿਆ ਅਤੇ ਕਈ ਕਰਿਸ਼ਮੇ ਵੀ ਵੇਖੇ।
ਅੱਜ ਇਹ ਬਾਵਲੀ ਸਾਹਿਬ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਵਿੱਚ ਇੰਨੀ ਮਹਾਨਤਾ ਹੈ ਕਿ 84 ਪੌੜੀਆਂ ਉਤਰ ਕੇ ਜਦ ਸੰਗਤ ਇੱਥੇ ਪਹੁੰਚਦੀ ਹੈ ਤਾਂ ਆਪਣੀਆਂ 84 ਲੱਖ ਜੂਨਾਂ ਤੋਂ ਮੁਕਤੀ ਪਾਉਂਦੀ ਹੈ। ਇਸ ਦਾ ਜਲ ਵੀ ਅੰਦਰੋਂ ਪਵਿੱਤਰ ਸ਼ਿਲਾ ਦੇ ਹੇਠਾਂ ਤੋਂ ਆ ਰਿਹਾ ਹੈ। ਇਸ ਦੇ ਸੇਵਨ ਨਾਲ ਕੈਂਸਰ ਤੱਕ ਦੇ ਰੋਗੀ ਠੀਕ ਹੋ ਰਹੇ ਹਨ। ਹਰ ਕਿਸਮ ਦੀਆਂ ਬਿਮਾਰੀਆਂ ਤੋਂ ਇਹ ਜਲ ਛੁਟਕਾਰਾ ਦਿਵਾਉਂਦਾ ਹੈ। ਸਭ ਤੋਂ ਖਾਸ ਗੱਲ ਇਹ ਕਿ ਇਹ ਜਲ ਇੱਕ ਹੀ ਸਮੇਂ ਵਿੱਚ ਤਿੰਨ ਰੰਗ ਬਦਲ ਲੈਂਦਾ ਹੈ ਅਤੇ ਤਿੰਨ ਅਲੱਗ-ਅਲੱਗ ਸਵਾਦ ਵੀ ਦਿੰਦਾ ਹੈ। ਬਾਬਾ ਜੀ ਦੇ ਅਨੁਸਾਰ ਗੰਗਾ, ਯਮੁਨਾ ਅਤੇ ਸਰਸਵਤੀ - ਇਨ੍ਹਾਂ ਤਿੰਨਾਂ ਨਦੀਆਂ ਦਾ ਪਵਿੱਤਰ ਸੰਗਮ ਇਸੇ ਬਾਵਲੀ ਸਾਹਿਬ ਵਿੱਚ ਹੈ।
ਇਹ ਸਾਰੇ ਮਹਾਰਾਜ ਸ਼੍ਰੀ ਚੰਦ ਜੀ ਦੁਆਰਾ ਸਪਰਸ਼ ਕੀਤੇ ਹੋਏ ਸਾਮਾਨ ਹਨ ਜੋ ਇੱਥੇ ਸੇਵਾ ਕਰ ਰਹੇ ਸੰਤ ਬਾਬਾ ਸਵਾਮੀ ਦਯਾਨੰਦ ਜੀ ਨੇ ਬੜੀ ਨਿਸ਼ਠਾ, ਪ੍ਰੇਮ ਅਤੇ ਸ਼ਰਧਾ ਨਾਲ ਸੰਭਾਲ ਕੇ ਰੱਖੇ ਹਨ। ਬਾਬਾ ਜੀ ਦੇ ਅਸੀਮ ਯਤਨਾਂ, ਮਿਹਨਤ ਅਤੇ ਲਗਨ ਨਾਲ ਹੀ ਇਹ ਗੁਰਦੁਆਰਾ ਦਿਨ ਦੁੱਗਣੀ ਰਾਤ ਚੌਗੁਣੀ ਉੱਨਤੀ ਕਰ ਰਿਹਾ ਹੈ। ਮਹਾਰਾਜ ਜੀ ਦੀ ਇੱਥੇ ਸੰਤ ਬਾਬਾ ਸਵਾਮੀ ਦਯਾਨੰਦ ਜੀ ਦੇ ਉੱਪਰ ਵਿਸ਼ੇਸ਼ ਕ੍ਰਿਪਾ ਹੈ, ਇਹ ਗੱਲ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਹੀ ਜਾਣੀ ਜਾ ਸਕਦੀ ਹੈ।
ਧੰਨ ਹੈ ਉਹ ਸੰਗਤ ਜੋ ਨਿੱਤ ਪ੍ਰਤੀ ਬਾਬਾ ਜੀ ਦੇ ਨਾਲ ਰਹਿੰਦੀ ਹੈ। ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਵਿੱਚ ਸਹਿਯੋਗ ਕਰਦੀ ਹੈ। ਉਨ੍ਹਾਂ ਦੇ ਦਰਸ਼ਨ ਕਰਦੀ ਹੈ ਅਤੇ ਉਨ੍ਹਾਂ ਦੇ ਪ੍ਰਵਚਨ ਸੁਣਨ ਦਾ ਸੁਭਾਗ ਪ੍ਰਾਪਤ ਕਰਦੀ ਹੈ। ਅਜਿਹੀ ਸੰਗਤ ਨੂੰ ਸ਼ਤ-ਸ਼ਤ ਪ੍ਰਣਾਮ।